ਲਹਿੰਦੇ ਤੇ ਚੜ੍ਹਦੇ ਦਾ ਸੁਮੇਲ ਤਾਤਰਸਤਾਨ

ਆਪਣੀ ਸੱਭਿਆਚਾਰਕ ਵਿਰਾਸਤ ਨੂੰ ਕਿਵੇਂ ਸੰਭਾਲਿਆ ਜਾਂਦਾ ਹੈ, ਇਸ ਦੀ ਇੱਕ ਉੱਤਮ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਅਸੀਂ ਤਾਤਰਸਤਾਨ ਗਏ। ਤਾਤਰਸਤਾਨ, ਰੂਸ ਗਣਰਾਜ ਦਾ ਅਜਿਹਾ ਸੂਬਾ ਹੈ ਜੋ ਪਿਛਲੇ ਦਹਾਕੇ ਵਿੱਚ ਹੀ ਦੁਨੀਆਂ ਦੇ ਸਾਹਮਣੇ ਉੱਭਰ ਕੇ ਆਇਆ ਹੈ।  ਧਰਮ ਦਾ ਗੜ੍ਹ ਹੋਣ ਕਰਕੇ ਸੋਵੀਅਤ ਸੰਘ ਸਮੇਂ ਇਸ ਨੂੰ ਬੁਰੀ ਤਰ੍ਹਾਂ ਦਬਾਇਆ ਗਿਆ ਸੀ। ਤਾਤਰਸਤਾਨ ਉਹ ਜਗ੍ਹਾ ਹੈ ਜਿੱਥੋਂ ਇਸਲਾਮ ਨੇ ਰੂਸ ਵਿੱਚ ਆਪਣੀ ਹੋਂਦ ਸਥਾਪਿਤ ਕੀਤੀ ਸੀ। ਤਾਤਰਸਤਾਨ ਦੀ ਰਾਜਧਾਨੀ ਕਜ਼ਾਨ ਹੈ। ਇਹ ਭਾਵੇਂ ਮਾਸਕੋ ਦੇ ਸੇਂਟ ਪੀਟਰਸਬਰਗ ਜਿੰਨਾ ਮਸ਼ਹੂਰ ਸ਼ਹਿਰ ਤਾਂ ਨਹੀਂ ਪਰ ਇੱਥੋਂ ਦੇ ਵੱਡੇ ਸ਼ਹਿਰਾਂ ’ਚੋਂ ਇੱਕ ਹੈ।

ਤਕਰੀਬਨ ਇੱਕ ਲੱਖ ਆਬਾਦੀ ਵਾਲਾ ਇਹ ਸ਼ਹਿਰ ਕਜ਼ਾਨਕਾ ਅਤੇ ਵੋਲਗਾ ਦਰਿਆਵਾਂ ਦੇ ਸੰਗਮ ’ਤੇ ਸਥਿਤ ਹੈ। ਤਾਤਰਸਤਾਨ ਵਿੱਚ ਬਹੁਗਿਣਤੀ ਤਾਤਰ ਮੁਸਲਮਾਨਾਂ ਅਤੇ ਰੂਸੀ ਈਸਾਈਆਂ ਦੀ ਹੈ। ਇਸ ਤੋਂ ਇਲਾਵਾ ਕਈ ਘੱਟ ਗਿਣਤੀ ਭਾਈਚਾਰੇ ਜਿਵੇਂ ਬਲਗਾਰ, ਯਹੂਦੀ ਤੇ ਬੋਧੀ ਵੀ ਇੱਥੋਂ ਦੇ ਵਸਨੀਕ ਹਨ। ਕਜ਼ਾਨ ਨੂੰ ਰੂਸ ਦੀ ਤੀਜੀ ਰਾਜਧਾਨੀ ਵੀ ਮੰਨਿਆ ਜਾਂਦਾ ਹੈ। ਇੱਥੇ ਹੀ ਦੇਖਣ ਨੂੰ ਮਰਦਜ਼ਾਮੀ ਮਸਜਿਦ ਹੈ ਜੋ ਸੰਨ 1766 ਵਿੱਚ ਮਲਿਕਾ ਕੈਥਰੀਨ ਨੇ ਬਣਵਾਈ ਸੀ। ਇਹ ਇੱਕੋ-ਇੱਕ ਮਸਜਿਦ ਸੀ ਜਿੱਥੇ ਸੋਵੀਅਤ ਰਾਜ ਸਮੇਂ ਵੀ ਧਰਮ ਕਾਰਜ ਨਿਰੰਤਰ ਚਲਦਾ ਰਿਹਾ ਸੀ।

Punjabi Tribune

Punjabi Tribune

ਜਦੋਂ ਅਸੀਂ ਕ੍ਰੈਮਲਿਨ ਬਾਰੇ ਸੋਚਦੇ ਹਾਂ ਤਾਂ ਰੂਸੀ ਫ਼ੌਜੀ ਦਸਤਿਆਂ ਨਾਲ ਪੂਰੀ ਤਰ੍ਹਾਂ ਲੈਸ ਜਗ੍ਹਾ, ਜੋ ਉੱਥੋਂ ਦੀ ਸਰਕਾਰ ਦਾ ਕੇਂਦਰ ਹੈ, ਨਜ਼ਰ ਆਉਂਦੀ ਹੈ। ਇਸ ਦੇ ਉਲਟ ਕਜ਼ਾਨ ਕ੍ਰੈਮਲਿਨ ਵੜਦੇ ਹੀ ਸਾਨੂੰ ਕਈ ਨਵੀਆਂ ਵਿਆਹੀਆਂ ਜੋੜੀਆਂ ਮਿਲੀਆਂ ਜੋ ਤਸਵੀਰਾਂ ਖਿਚਵਾਉਣ ਅਤੇ ਆਪਣੇ ਧਾਰਮਿਕ ਸਥਾਨਾਂ ’ਤੇ ਸਿਜਦਾ ਕਰਨ ਪਹੁੰਚੀਆਂ ਹੋਈਆਂ ਸਨ। ਦੁੱਧ ਚਿੱਟੇ ਪਹਿਰਾਵੇ ਵਿੱਚ ਸਜੀਆਂ ਦੁਲਹਨਾਂ ਪਰੀ ਮੁਲਕ ਦੀ ਝਲਕ ਪੇਸ਼ ਕਰਦੀਆਂ ਸਨ। ਇੱਥੋਂ ਦੀ ਸਰਕਾਰ ਦਾ ਗੜ੍ਹ ਕਜ਼ਾਨ ਕੈ੍ਰਮਲਿਨ ਹੈ, ਜਿਸ ਨੂੰ ਯੂਨੈਸਕੋ ਨੇ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਹੈ। ਕਜ਼ਾਨ ਕ੍ਰੈਮਲਿਨ ਦੇ ਇਤਿਹਾਸ ਵੱਲ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਕਿਸੇ ਸਮੇਂ ਤਾਤਰਾਂ ਦੇ ਖ਼ਾਨ ਨੇ ਇੱਥੇ ਆਪਣਾ ਮਹਿਲ ਬਣਾਇਆ ਸੀ। ਉਸ ਤੋਂ ਬਾਅਦ ਜ਼ਾਰ ਇਵਾਨ ਨੇ ਇਸ ਇਮਾਰਤ ਨੂੰ ਢਾਹ ਕੇ ਇੱਥੇ ਗਿਰਜਾਘਰ ਬਣਵਾਇਆ ਅਤੇ ਮੁਸਲਮਾਨਾਂ ਨੂੰ ਸ਼ਹਿਰ ਵਿੱਚੋਂ ਕੱਢ ਕੇ ਬਾਹਰਲੇ ਪਾਸੇ ਧੱਕ ਦਿੱਤਾ ਗਿਆ। ਇੱਥੇ ਰੂਸੀ ਰਾਜਿਆਂ ਨਾਲ ਸਬੰਧਿਤ ਪੁਰਾਣੇ ਗਿਰਜੇ ਵੀ ਹਨ। ਸੋਵੀਅਤ ਰਾਜ ਦੌਰਾਨ ਗਿਰਜੇ ਦੀ ਦੁਰਵਰਤੋਂ ਕੀਤੀ ਗਈ।ਨਵੇਂ ਤਾਤਰਸਤਾਨ ਦੀ ਸਥਾਪਨਾ ਤੋਂ ਬਾਅਦ ਸਾਲ 2005 ’ਚ ਕਜ਼ਾਨ ਦੇ 1000 ਸਾਲਾ ਜਸ਼ਨ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਲਈ ਕੈ੍ਰਮਲਿਨ ਵਿੱਚ ਗਿਰਜੇ ਦਾ ਪੁਨਰ-ਨਿਰਮਾਣ ਕੀਤਾ ਗਿਆ ਅਤੇ ਕਜ਼ਾਨ ਦੇ ਆਖ਼ਰੀ ਸਈਅਦ ਕੁਲ-ਸ਼ਰੀਫ਼ ਦੇ ਪੁਰਾਣੇ ਘਰ ਦੇ ਸਥਾਨ ’ਤੇ ਇੱਕ ਨਵੀਂ ਮਸਜਿਦ ਬਣਾਈ ਗਈ। ਇਹ ਗਿਰਜਾਘਰ ਅਤੇ ਮਸਜਿਦ ਦੋਵੇਂ ਆਪਣੀ ਹੀ ਕਿਸਮ ਦੇ ਅਜੂਬੇ ਹਨ।

ਧਾਰਮਿਕ ਕੱਟੜਤਾ ਤੋਂ ਨਿਰਲੇਪ ਇਸ ਮੁਲਕ ਦੇ ਕਰੀਬ ਹਰ ਘਰ ਵਿੱਚ ਹੀ ਦੂਜੇ ਧਰਮ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਨਜ਼ਰ ਆਉਂਦਾ ਹੈ। ਇਨ੍ਹਾਂ ਨੂੰ ਦੇਖ ਕੇ ਅਹਿਸਾਸ ਹੋਇਆ ਕਿ ਇੱਥੋਂ ਦਾ ਮਾਹੌਲ ਖ਼ੁਸ਼ਗਵਾਰ ਹੈ। ਕਜ਼ਾਨ ਅਜਿਹਾ ਸ਼ਹਿਰ ਹੈ, ਜਿਸ ਨੂੰ ਪਿਛਲੇ ਦੋ ਦਹਾਕਿਆਂ ਵਿੱਚ ਭਾਰੀ ਖ਼ਰਚ ਕਰ ਕੇ ਚਮਕਾਇਆ ਗਿਆ ਹੈ। ਇੰਨਾ ਹੀ ਨਹੀਂ ਖੇਡਾਂ ਦੇ ਖੇਤਰ ਵਿੱਚ ਵੀ ਇਸ ਦਾ ਆਪਣਾ ਨਾਂ ਹੈ। ਇਸ ਵਰ੍ਹੇ ਦੇ ਆਰੰਭ ’ਚ ਇੱਥੇ ਹੋਈਆਂ ਵਰਲਡ ਸਟੂਡੈਂਟ ਖੇਡਾਂ ਵਿੱਚ 162 ਮੁਲਕਾਂ ਦੇ 10,000 ਐਥਲੀਟਾਂ ਨੇ ਭਾਗ ਲਿਆ। ਇਹ ਫੀਫਾ ਵਰਲਡ ਕੱਪ 2018 ਦੇ ਮੇਜ਼ਬਾਨ ਸ਼ਹਿਰਾਂ ਵਿੱਚ ਵੀ ਸ਼ਾਮਲ ਹੋਵੇਗਾ। ਖੇਡਾਂ ਤੋਂ ਇਲਾਵਾ ਕਜ਼ਾਨ ਇੱਕ ਵੱਡਾ ਵਿੱਦਿਅਕ ਕੇਂਦਰ ਵੀ ਹੈ। ਇੱਥੇ 29 ਯੂਨੀਵਰਸਿਟੀਆਂ ਹਨ ਜੋ ਮੈਡੀਕਲ ਵਿਸ਼ੇ ’ਚ ਦਿਲਚਸਪੀ ਰੱਖਦੇ ਭਾਰਤੀ ਵਿਦਿਆਰਥੀਆਂ ਲਈ ਵੀ ਖਿੱਚ ਦਾ ਕੇਂਦਰ ਹਨ। ਇੱਥੇ ਵੱਡੇ-ਵੱਡੇ ਆਧੁਨਿਕ ਮਾਲਜ਼ ਹਨ, ਜਿਨ੍ਹਾਂ ਤੋਂ ਇੱਥੇ ਦੇ ਲੋਕਾਂ ’ਤੇ ਪੱਛਮੀ ਫੈਸ਼ਨ ਦਾ ਪ੍ਰਭਾਵ ਪ੍ਰਤੱਖ ਨਜ਼ਰ ਆਉਂਦਾ ਹੈ।

ਖਾਣੇ ਦੇ ਮਾਮਲੇ ਵਿੱਚ ਵੀ ਇਸ ਦਾ ਆਪਣਾ ਸੱਭਿਆਚਾਰ ਹੈ। ਇੱਥੋਂ ਦੀ ‘ਚੱਕ-ਚੱਕ’ ਭਾਰਤੀ ਗੱਚਕ ਦੀ ਯਾਦ ਦਿਵਾ ਦਿੰਦੀ ਹੈ। ਰੂਸੀ ਖਾਣੇ ਵਿੱਚ ਸਲਾਦ, ਸੂਪ ਅਤੇ ਇੱਕ ਮੁੱਖ ਪਕਵਾਨ ਜੋ ਮੀਟ ਹੁੰਦਾ ਹੈ, ਸ਼ਾਮਲ ਹੁੰਦਾ ਹੈ। ਇੱਥੇ ਸ਼ਾਕਾਹਾਰੀਆਂ ਜਾਂ ਹਲਾਲ ਮੀਟ ਖਾਣ ਵਾਲਿਆਂ ਨੂੰ ਅਕਸਰ ਮੱਛੀ ਪਰੋਸੀ ਜਾਂਦੀ ਹੈ। ਭਾਰਤ ਦੀ ਤਰ੍ਹਾਂ ਆਲੂ ਇੱਥੋਂ ਦੇ ਹਰ ਮੁੱਖ ਪਕਵਾਨ ਵਿੱਚ ਸ਼ਾਮਲ ਹੁੰਦਾ ਹੈ। ਇੱਥੇ ਹਰ ਖਾਣੇ ਨਾਲ ਬਿਨਾਂ ਦੁੱਧ ਦੀ ਚਾਹ ਵਰਤਾਈ ਜਾਂਦੀ ਹੈ।

ਭਾਸ਼ਾ ਦੀ ਗੱਲ ਕਰੀਏ ਤਾਂ ਇੱਥੇ ਤਾਤਰ ਅਤੇ ਰੂਸੀ ਦੋ ਮੁੱਖ ਭਾਸ਼ਾਵਾਂ ਹਨ। ਜਿੱਥੇ ਅੰਗਰੇਜ਼ੀ ਨੇ ਦੁਨੀਆਂ ਦੇ ਬਹੁਤੇ ਮੁਲਕਾਂ ’ਤੇ ਗਲਬਾ ਮਾਰਿਆ ਹੋਇਆ ਹੈ, ਉੱਥੇ ਇੱਥੋਂ ਦੇ ਲੋਕ ਆਪਣੀ ਮਾਂ ਬੋਲੀ ਬੋਲਣ ਨੂੰ ਤਰਜੀਹ ਦਿੰਦੇ ਹਨ। ਗੱਲਬਾਤ ਲਈ ਕਈ ਵਾਰ ਇਹ ਇਸ਼ਾਰਿਆਂ ਦੀ ਵਰਤੋਂ ਵੀ ਕਰਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਪੁਰਾਤਨ ਕਿੱਤੇ ਅਤੇ ਵਿਰਾਸਤ ਨੂੰ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੋੋਇਆ ਹੈ। ਤਾਤਰਸਤਾਨ ਦਾ ਕੌਮੀ ਅਜਾਇਬਘਰ ਇਸ ਖੇਤਰ ਦੇ ਅਮੀਰ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਉੱਥੋਂ ਦੇ ਕਲਾਕਾਰ ਬਹੁਤ ਉਤਸ਼ਾਹ ਨਾਲ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ ਤੇ ਉਨ੍ਹਾਂ ਦੇ ਗੀਤ-ਸੰਗੀਤ ’ਚੋਂ ਪੰਜਾਬੀ ਸੁਆਦ ਆਉਂਦਾ ਹੈ।

ਦੁਨੀਆਂ ’ਤੇ ਛਾਏ ਫ਼ਿਰਕੂ ਕੱਟੜਤਾ ਦੇ ਬੱਦਲਾਂ ਨੂੰ ਛਟਦਾ ਹੋਇਆ ਚੜ੍ਹਦੇ ਤੇ ਲਹਿੰਦੇ ਦਾ ਇਹ ਸੁਮੇਲ ਭਾਈਚਾਰਕ ਸਾਂਝ ਤੇ ਅਮੀਰ ਵਿਰਾਸਤ ਦੀ ਵੱਖਰੀ ਮਿਸਾਲ ਹੈ ਜਿਸ ਤੋਂ ਦੁਨੀਆਂ ਦੇ ਹਰ ਮੁਲਕ ਨੂੰ ਸਬਕ ਸਿੱਖਣਾ ਚਾਹੀਦਾ ਹੈ। ਜਦੋਂ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦੇ ਵਾਸੀ ਅਸੀਂ ਸਾਰੇ ਕਜ਼ਾਨ ਦੇ ਹਜ਼ਾਰ ਸਾਲਾ ਜਸ਼ਨਾਂ ਨੂੰ ਮਾਣ ਰਹੇ ਸੀ ਤਾਂ ਦਿਲ ’ਚ ਇੱਕ ਕਸਕ ਜ਼ਰੂਰ ਸੀ ਕਿ ਕਾਸ਼ ਧਰਮ, ਸੱਭਿਆਚਾਰ ਤੇ ਵਿਰਾਸਤ ਪੱਖੋਂ ਅਮੀਰ ਭਾਰਤ ਵੀ ਤਾਤਰਸਤਾਨ ਵਾਂਗ ਪੁਰਾਣੀਆਂ ਇਮਾਰਤਾਂ, ਕਲਾ ਤੇ ਸੱਭਿਆਚਾਰ ਦਾ ਸ਼ੈਦਾਈ ਹੁੰਦਾ ਤਾਂ ਸ਼ਾਇਦ ਸਾਨੂੰ ਅੱਜ ਵਿਸਰ ਰਹੇ ਅਮੀਰ ਵਿਰਸੇ ਦੀ  ਦੁਹਾਈ ਨਾ ਦੇਣੀ ਪੈਂਦੀ।

This article by Roopinder Singh  was published in the Magazine section of Punjabi Tribune on Sunday, October 13, 2013

Leave a Reply

You must be logged in to post a comment.