ਥੋੜ੍ਹੀ ਮਸਤੀ, ਥੋੜ੍ਹੀ ਖ਼ਰਮਸਤੀ

ਰੁਪਿੰਦਰ ਸਿੰਘ
ਉਘਾ ਕਾਲਮਨਵੀਸ, ਸਫ਼ੀਰ, ਇਤਿਹਾਸਕਾਰ, ਪੱਤਰਕਾਰ, ਵਕੀਲ ਅਤੇ ਵਿਦਵਾਨ ਖੁਸ਼ਵੰਤ ਸਿੰਘ ਇਨ੍ਹੀਂ ਦਿਨੀਂ ਪੱਗ ਨਹੀਂ ਬੰਨ੍ਹਦਾ। ਅਠਾਨਵੇਂ ਵਰ੍ਹਿਆਂ ਦਾ ਹੋਣ ਦੇ  ਬਾਵਜੂਦ ਉਹ ਮਨ ਆਈ ਕਰਦਾ ਹੈ। ਉਂਜ ਸਾਰੀ ਉਮਰ ਉਸ ਨੇ ਇਉਂ ਹੀ ਕੀਤਾ ਹੈ।
ਪੂਰੇ ਮੁਲਕ ਵਿੱਚ ਲੱਖਾਂ ਪਾਠਕ ਕਈ ਭਾਸ਼ਾਵਾਂ ਵਿੱਚ ਤਰਜਮਾ ਕਰਕੇ ਛਾਪੇ ਜਾਂਦੇ ਖੁਸ਼ਵੰਤ ਸਿੰਘ ਦੇ ਕਾਲਮਾਂ ਰਾਹੀਂ ਉਸ ਨੂੰ ਜਾਣਦੇ ਹਨ। ਉਸ ਦੀਆਂ ਕਿਤਾਬਾਂ ਨੇ ਭਾਰਤੀ ਸਾਹਿਤ ਅਤੇ ਸਿੱਖ ਧਰਮ ਦੇ ਅਧਿਐਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਵਿਵਾਦਾਂ ਵਿੱਚ ਘਿਰਿਆ ਰਿਹਾ ਪਰ ਉਸ ਨੇ ਜ਼ਿੰਦਗੀ ਪੂਰੀ ਤਰ੍ਹਾਂ ਮਾਣੀ ਹੈ। ਖੁਸ਼ਵੰਤ ਸਿੰਘ ਗਿਣਤੀ ਦੇ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ ਜਿਸ ਦੇ ਨਾਂ ’ਤੇ ਸਾਹਿਤ ਸਮਾਗਮ ਕਰਵਾਇਆ ਜਾਂਦਾ ਹੈ। ‘ਖੁਸ਼ਵੰਤ ਸਿੰਘ ਲਿਟਰੇਰੀ ਫੈਸਟੀਵਲ’ ਉਸ ਦੇ ਮਨਪਸੰਦ ਪਹਾੜੀ ਸਥਾਨ ਕਸੌਲੀ ਵਿਖੇ ਚੱਲ ਰਿਹਾ ਹੈ।
ਖੁਸ਼ਵੰਤ ਸਿੰਘ ਦਿੱਲੀ ਦੇ ਮਾਡਰਨ ਸਕੂਲ ਦੇ ਮੁੱਢਲੇ ਵਿਦਿਆਰਥੀਆਂ ਵਿੱਚੋਂ ਇੱਕ ਹੈ। ਇਸ ਮਗਰੋਂ ਉੱਥੇ ਸੇਂਟ ਸਟੀਫਨ’ਜ਼ ਕਾਲਜ ਵਿੱਚ ਪੜ੍ਹਿਆ। ਉੱਥੇ ਉਸ ਦੀ ਦਿਲਚਸਪੀ ਪੜ੍ਹਾਈ ਤੋਂ ਜ਼ਿਆਦਾ ਟੈਨਿਸ ਖੇਡਣ ਵਿੱਚ ਸੀ। ਇੰਟਰਮੀਡੀਏਟ ਕਰਨ ਮਗਰੋਂ ਉਹ ਕਾਨੂੰਨ ਦੀ ਪੜ੍ਹਾਈ ਲਈ ਗੌਰਮਿੰਟ ਕਾਲਜ ਲਾਹੌਰ ਗਿਆ ਪਰ ਚੰਗਾ ਵਕੀਲ ਬਣਨ ਦੀ ਚਾਹ ਉਸ ਨੂੰ ਇੰਗਲੈਂਡ ਲੈ ਗਈ। ਉੱਥੇ ਉਸ ਨੇ ਕਿੰਗ’ਜ਼ ਕਾਲਜ, ਲੰਡਨ ਤੋਂ ਐੱਲ.ਐੱਲ.ਬੀ. ਕੀਤੀ।
ਉੱਥੇ ਹੀ ਉਹ ਆਪਣੀ ਹੋਣ ਵਾਲੀ ਬੀਵੀ ਨੂੰ ਮਿਲਿਆ। ਸਕੂਲ ਸਮੇਂ ਭੱਦੀ ਜਿਹੀ ਦਿਖਣ ਵਾਲੀ ਸਰ ਤੇਜਾ ਸਿੰਘ ਮਲਿਕ ਦੀ ਧੀ ਕਵਲ ਮਲਿਕ ਬਹੁਤ ਸੋਹਣੀ ਮੁਟਿਆਰ ਸੀ। ਬਰਤਾਨੀਆ ਵਿੱਚ ਸ਼ੁਰੂਆਤੀ ਦੌਰ ’ਚ ਦਰਪੇਸ਼ ਮੁਸੀਬਤਾਂ ਦਾ ਜ਼ਿਕਰ ਖੁਸ਼ਵੰਤ ਨੇ ਬੜੀ ਸਾਫ਼ਗੋਈ ਨਾਲ ਆਪਣੀ ਸਵੈ-ਜੀਵਨੀ ਵਿੱਚ ਕੀਤਾ ਹੈ।
ਭਾਰਤ ਪਰਤ ਕੇ ਖੁਸ਼ਵੰਤ ਸਿੰਘ ਨੇ ਵਕਾਲਤ ਸ਼ੁਰੂ ਕੀਤੀ ਪਰ ਉਸ ਨੂੰ ਬਹੁਤੀ ਕਾਮਯਾਬੀ ਨਾ ਮਿਲੀ। ਉੱਤਰੀ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਰਹਿੰਦਿਆਂ ਉਸ ਨੇ ਆਪਣਾ ਸਮਾਂ ਰਚਨਾਤਮਕ ਲੋਕਾਂ ਅਤੇ ਸਾਹਿਤ ਜਗਤ ਦੀਆਂ ਨਾਮਵਰ ਹਸਤੀਆਂ ਦੀ ਸੰਗਤ ਵਿੱਚ ਬਿਤਾਇਆ।
ਦੇਸ਼ ਵੰਡ ਕਾਰਨ ਉਸ ਨੂੰ ਲਾਹੌਰ ਛੱਡ ਕੇ ਦਿੱਲੀ ਜਾਣਾ ਪਿਆ। ਇਸੇ ਦੌਰਾਨ ਖੁਸ਼ਵੰਤ ਸਿੰਘ ਨੇ ਲਿਖਣਾ ਸ਼ੁਰੂ ਕੀਤਾ। ਦੇਸ਼ ਵੰਡ ਬਾਰੇ ਲਿਖੀ ਕਹਾਣੀ ‘ਮਾਣੋ ਮਾਜਰਾ’ ਉੱਤੇ ਉਸ ਨੂੰ ਗਰੋਵ ਪ੍ਰੈੱਸ ਵੱਲੋਂ ਇੱਕ ਹਜ਼ਾਰ ਡਾਲਰ ਇਨਾਮ ਮਿਲਿਆ। ਮਾਣੋ ਮਾਜਰਾ ਪਿੰਡ ਦੀ ਕਹਾਣੀ ਹੀ ਉਸ ਦਾ ਪ੍ਰਸਿੱਧ ਨਾਵਲ ‘ਪਾਕਿਸਤਾਨ ਮੇਲ’ ਬਣੀ। ਇਸ ਨਾਲ ਉਸ ਨੇ ਬਹੁਤ ਨਾਮਣਾ ਖੱਟਿਆ।
ਆਪਣੇ ਸ਼ੁਰੂਆਤੀ ਦੌਰ ਵਿੱਚ ਪਰਿਵਾਰ ਸਮੇਤ ਪੈਰਿਸ ਰਹਿੰਦਿਆਂ ਉਸ ਨੇ ਗੁਰਬਾਣੀ ਦਾ ਤਰਜਮਾ ਕਰਨ ਦੇ ਨਾਲ-ਨਾਲ ਯੂਨੈਸਕੋ ਲਈ ਕੰਮ ਕਰਦਿਆਂ ਵਧੀਆ ਸਾਹਿਤ ਰਚਿਆ। ਕੋਈ ਹੋਰ ਨੌਕਰੀ ਨਾ ਮਿਲਣ ਦੇ ਬਾਵਜੂਦ ਉਸ ਨੇ ਇਹ ਨੌਕਰੀ ਛੱਡ ਦਿੱਤੀ। ਇਸ ਤੋਂ ਪਹਿਲਾਂ ਉਹ ਕੈਨੇਡਾ ਅਤੇ ਬਰਤਾਨੀਆ ਵਿੱਚ ਭਾਰਤੀ ਸਫ਼ੀਰ ਰਹਿ ਚੁੱਕਾ ਸੀ ਪਰ ਸਿਵਲ ਸੇਵਾਵਾਂ ਛੱਡ ਕੇ ਉਸ ਨੇ ਆਪਣੇ ਪਿਤਾ ਨੂੰ ਮਾਯੂਸ ਕੀਤਾ।
ਉਹ ਸਰਕਾਰੀ ਪਰਚੇ ‘ਯੋਜਨਾ’ ਦਾ ਸੰਪਾਦਕ ਬਣਿਆ ਪਰ ਇਸ ਲਈ ਬਹੁਤਾ ਕੁਝ ਨਾ ਕਰ ਸਕਿਆ। ਉਂਜ ਵੀ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ। ਰੌਕਫਿਲਰ ਫਾਊਂਡੇਸ਼ਨ ਦੀ ਸਹਾਇਤਾ ਨਾਲ ਉਸ ਨੇ ‘ਏ ਹਿਸਟਰੀ ਆਫ਼ ਦਿ ਸਿੱਖਸ’, ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਅਤੇ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਹੋਈਆਂ ਜੰਗਾਂ ਬਾਰੇ ਇੱਕ ਕਿਤਾਬ ਲਿਖੀ। ਚਾਰ ਸਾਲ ਇਸ ਪ੍ਰੋਜੈਕਟ ਉੱਤੇ ਕੰਮ ਕਰਦਿਆਂ ਉਹ ਯੂਨੀਵਰਸਿਟੀ ਆਫ਼ ਰੋਸ਼ੈਸਟਰ, ਪ੍ਰਿੰਸਟਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਹਵਾਈ ਵਿੱਚ ਪੜ੍ਹਾਉਂਦਾ ਵੀ ਰਿਹਾ। ਉਸ ਦੀਆਂ ਇਨ੍ਹਾਂ ਤਿੰਨਾਂ ਕਿਤਾਬਾਂ ਵਿੱਚੋਂ ਸਪੱਸ਼ਟਤਾ ਅਤੇ ਖੋਜ ਝਲਕਦੀ ਹੈ। ਇਨ੍ਹਾਂ ਤੋਂ ਉਸ ਦੇ ਅਨੁਸ਼ਾਸਤ ਜੀਵਨ ਬਾਰੇ ਵੀ ਪਤਾ ਲੱਗਦਾ ਹੈ। ਇਹ ਉਸ ਵੱਲੋਂ ਜਾਣ-ਬੁੱਝ ਕੇ ਮਨ ਮੌਜੀ ਵਿਅਕਤੀ ਵਾਲੇ ਬਣਾਏ ਆਪਣੇ ਅਕਸ ਤੋਂ ਉਲਟ ਹੈ। ਜ਼ਿਆਦਾਤਰ ਲੋਕ ਉਸ ਨੂੰ ਮਸਤ ਮਲੰਗ ਹੀ ਸਮਝਦੇ ਹਨ, ਜੋ ਉਹ ਅਸਲ ਵਿੱਚ ਨਹੀਂ ਹੈ।
ਉਸ ਦਾ ਪੁੱਤਰ ਰਾਹੁਲ ਸਿੰਘ ਪੰਜ ਸਾਲ ਬੰਬਈ ਵਿੱਚ ‘ਦਿ ਟਾਈਮਜ਼ ਆਫ਼ ਇੰਡੀਆ’ ਦਾ ਸੰਪਾਦਕ ਰਿਹਾ। ਉਦੋਂ ਹੀ ਖੁਸ਼ਵੰਤ ਸਿੰਘ ਨੂੰ ‘ਦਿ ਇਲਸਟਰੇਟਡ ਵੀਕਲੀ’ ਦੀ ਸੰਪਾਦਕੀ ਦੀ ਪੇਸ਼ਕਸ਼ ਹੋਈ। ਉਸ ਵੱਲੋਂ ਅਹੁਦਾ ਸੰਭਾਲਣ ਮਗਰੋਂ ‘ਦਿ ਇਲਸਟਰੇਟਡ ਵੀਕਲੀ’ ਰਸਾਲਾ ਬਹੁਤ ਪ੍ਰਸਿੱਧ ਹੋਇਆ। ਇਸ ਦੀ ਛਪਾਈ ਇੱਕ ਲੱਖ ਤੋਂ ਵਧ ਕੇ ਚਾਰ ਲੱਖ ਹੋ ਗਈ। ਐੱਮ ਜੇ ਅਕਬਰ, ਬਿਕਰਮ ਵੋਹਰਾ ਜਿਹੇ ਪ੍ਰਸਿੱਧ ਪੱਤਰਕਾਰ ਉਸ ਦੇ ਸ਼ਾਗਿਰਦ ਹਨ। ਖੁਸ਼ਵੰਤ ਸਿੰਘ ਨੂੰ ਅਚਨਚੇਤ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਦੱਸਣ ਦੀ ਲੋੜ ਨਹੀਂ ਕਿ ਇਸ ਦਾ ਕਾਰਨ ਸਿਆਸੀ ਦਬਾਅ ਸੀ। ਇਸ ਮਗਰੋਂ ਉਹ ਦਿੱਲੀ ਪਰਤ ਆਇਆ। ਇਸ ਮਗਰੋਂ ਉਸ ਨੇ ‘ਦਿ ਨੈਸ਼ਨਲ ਹਿਰਾਲਡ’ ਸੰਪਾਦਤ ਕੀਤਾ ਅਤੇ ਆਖਰ ਵਿੱਚ ਤਿੰਨ ਸਾਲ ‘ਦਿ ਹਿੰਦੁਸਤਾਨ ਟਾਈਮਜ਼’ ਦਾ ਸੰਪਾਦਕ ਰਿਹਾ।
ਖੁਸ਼ਵੰਤ ਸਿੰਘ ਅਤੇ ਵਿਵਾਦ ਇੱਕੋ ਸਿੱਕੇ ਦੇ ਦੋ ਪਾਸੇ ਹਨ। ਭਾਵੇਂ ਉਸ ਦੀਆਂ ਲਿਖਤਾਂ ਵਿੱਚ ਅਸ਼ਲੀਲਤਾ ਹੋਵੇ ਜਾਂ ਫਿਰ ਸ਼ਰਾਬ ਅਤੇ ਔਰਤਾਂ ਬਾਰੇ ਗੱਲਾਂ, ਉਸ ਨੇ ਸੌੜੀ ਮਾਨਸਿਕਤਾ ਵਾਲੇ ਲੋਕਾਂ ਖ਼ਿਲਾਫ਼ ਕਦੇ ਨਾ ਮੁੱਕਣ ਵਾਲੀ ਜੰਗ ਛੇੜ ਦਿੱਤੀ ਹੈ।
ਉਹ ਇੰਦਰਾ ਗਾਂਧੀ ਦਾ ਪ੍ਰਸ਼ੰਸਕ ਸੀ ਪਰ ਉਸ ਨੇ ਐਮਰਜੈਂਸੀ ਦਾ ਵਿਰੋਧ ਕੀਤਾ। ਉਹ ਸੰਜੇ ਗਾਂਧੀ ਅਤੇ ਉਸ ਦੀ ਪਤਨੀ ਮੇਨਕਾ ਦਾ ਵੀ ਕਰੀਬੀ ਸੀ। ਜਦੋਂ ਇੰਦਰਾ ਗਾਂਧੀ, ਮੇਨਕਾ ਦੇ ਖ਼ਿਲਾਫ਼ ਹੋ ਗਈ ਤਾਂ ਖੁਸ਼ਵੰਤ ਸਿੰਘ ਨੂੰ ਇਸ ਜੋੜੀ ਨਾਲ ਨੇੜਤਾ ਰੱਖਣ ਦੀ ਕੀਮਤ ਚੁਕਾਉਣੀ ਪਈ ਕਿਉਂਕਿ ਖੁਸ਼ਵੰਤ ਸਿੰਘ ਨੇ ਮੇਨਕਾ ਦੀ ਖ਼ਿਲਾਫ਼ਤ ਤੋਂ ਇਨਕਾਰ ਕਰ ਦਿੱਤਾ ਸੀ। ਦੂਜੇ ਪਾਸੇ ਮੇਨਕਾ ਗਾਂਧੀ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਪਟੀਸ਼ਨ ਕਾਰਨ ਹੀ ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ਦੀ ਪ੍ਰਕਾਸ਼ਨਾ ਪੰਜ ਸਾਲ ਲਈ ਰੁਕੀ ਰਹੀ।
ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਤਿਵਾਦੀਆਂ ਖ਼ਿਲਾਫ਼ ਨਿਡਰ ਹੋ ਕੇ ਲਿਖਿਆ। ਇਸ ਕਾਰਨ ਉਹ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਰਿਹਾ। ਉਹ ਉਸ ਨੂੰ ਕਾਂਗਰਸ ਦਾ ਹੱਥ ਠੋਕਾ ਕਹਿੰਦੇ ਸਨ। ਕਾਂਗਰਸ ਦੀ ਹਮਾਇਤ ਨਾਲ ਹੀ ਉਹ 1980 ਤੋਂ 1986 ਤੱਕ ਰਾਜ ਸਭਾ ਦਾ ਮੈਂਬਰ ਰਿਹਾ। ਸਾਕਾ ਨੀਲਾ ਤਾਰਾ ਖ਼ਿਲਾਫ਼ ਰੋਸ ਪ੍ਰਗਟਾਉਣ ਲਈ ਉਸ ਨੇ ਇਸ ਤੋਂ ਦਸ ਸਾਲ ਪਹਿਲਾਂ ਮਿਲਿਆ ‘ਪਦਮ ਭੂਸ਼ਣ’ ਸਨਮਾਨ ਵਾਪਸ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਕਾਂਗਰਸ ਅਤੇ ਹੋਰਾਂ ਦੀ ਨਾਰਾਜ਼ਗੀ ਵੀ ਝੱਲਣੀ ਪਈ।
ਉਸ ਨੇ 2007 ਵਿੱਚ ਪਦਮ ਵਿਭੂਸ਼ਣ ਬੜੇ ਮਾਣ ਨਾਲ ਸਵੀਕਾਰ ਕੀਤਾ। ਉਸ ਦੀ ਲੇਖਣੀ ਕਾਰਨ ਵਿਵਾਦ ਉੱਠਦੇ ਹੀ ਰਹਿੰਦੇ ਹਨ। ਉਸ ਵੱਲੋਂ ਰਾਬਿੰਦਰਨਾਥ ਟੈਗੋਰ ਬਾਰੇ ਕੀਤੀਆਂ ਟਿੱਪਣੀਆਂ ਕਾਰਨ ਬੰਗਾਲੀਆਂ ਦੇ ਮਨਾਂ ਨੂੰ ਠੇਸ ਪੁੱਜੀ ਅਤੇ ਸ਼ਿਵਾਜੀ ਬਾਰੇ ਲਿਖਣ ਕਾਰਨ ਮਰਾਠਿਆਂ ਨੇ ਉਸ ਦੀ ਸਖ਼ਤ ਆਲੋਚਨਾ ਕੀਤੀ ਪਰ ਖੁਸ਼ਵੰਤ ਸਿੰਘ ਆਪਣੀ ਚਾਲੇ ਚੱਲਦਾ ਗਿਆ। ਪੂਰੀ ਦੁਨੀਆਂ ਵਿੱਚ ਹਰ ਵਰਗ ਦੇ ਲੋਕ ਉਸ ਦੇ ਪ੍ਰਸ਼ੰਸਕ ਹਨ। ਲੱਖਾਂ ਲੋਕ ਖੁਸ਼ਵੰਤ ਸਿੰਘ ਦੇ ਕਾਲਮ ਪੜ੍ਹਦੇ ਹਨ। ਉਹ ਭਾਰਤ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਕਾਲਮਨਵੀਸ ਹੈ। ਉਹ ਹਰ ਪ੍ਰਸ਼ੰਸਕ ਵੱਲੋਂ ਮਿਲੇ ਚਿੱਠੀ-ਪੱਤਰ ਦਾ ਜੁਆਬ ਦੇਣ ਦੀ ਕੋਸ਼ਿਸ਼ ਕਰਦਾ ਹੈ।
ਉਹ ਸਿੰਗਲ ਮਾਲਟ ਪੀਣ ਦਾ ਸ਼ੌਕੀਨ ਹੈ। ਜੇ ਮੇਜ਼ਬਾਨ ਕੋਲ ਉਸ ਦੀ ਪਸੰਦ ਦਾ ਬਰਾਂਡ ਨਾ ਹੋਵੇ ਤਾਂ ਉਹ ਆਪ ਲੈ ਆਉਂਦਾ ਹੈ। ਜਿੰਨਾ ਚਿਰ ਉਹ ਪਾਰਟੀ ਵਿੱਚ ਹੋਵੇ, ਮਹਿਮਾਨ ਉਸ ਨਾਲ ਪਿਆਲਾ ਸਾਂਝਾ ਕਰ ਸਕਦੇ ਹਨ। ਰਾਤ ਦਾ ਖਾਣਾ ਸਹੀ ਸਮੇਂ ’ਤੇ ਦਿੱਤਾ ਜਾਂਦਾ ਹੈ ਅਤੇ ਉਹ ਛੇਤੀ ਹੀ ਮਹਿਫਲ ਵਿੱਚੋਂ ਉੱਠ ਜਾਂਦਾ ਹੈ। ਉਹ ਇਹ ਨਹੀਂ ਵੇਖਦਾ ਕਿ ਪਾਰਟੀ ਉਸ ਦੇ ਘਰ ਹੈ ਅਤੇ ਮਹਿਮਾਨ ਰਾਜੀਵ ਗਾਂਧੀ ਹੈ।
ਉਹ ਹਰ ਰੋਜ਼ ਸਵੇਰੇ ਉੱਠ ਕੇ ਲਿਖਦਾ ਹੈ। ਉਸ ਨੂੰ ਪੰਛੀਆਂ, ਰੁੱਖਾਂ, ਫੁੱਲਾਂ ਅਤੇ ਕੁਦਰਤ ਦੇ ਕਈ ਪੱਖਾਂ ਦਾ ਗਿਆਨ ਹੈ। ਖੁਸ਼ਵੰਤ ਸਿੰਘ ਅਨੁਸ਼ਾਸਤ ਵਿਅਕਤੀ ਹੈ। ਉਹ ਅਤੇ ਉਸ ਦੀ ਬੀਵੀ ਕਵਲ ਦਿੱਲੀ ਜਿੰਮਖਾਨਾ ਕਲੱਬ ਵਿੱਚ ਟੈਨਿਸ ਖੇਡਦੇ ਸਨ। ਕਵਲ ਆਤਮ-ਨਿਰਭਰ ਔਰਤ ਵਜੋਂ ਜਾਣੀ ਜਾਂਦੀ ਸੀ। ਉਹ ਆਪਣੇ ਪਰਿਵਾਰ ਦਾ ਧੁਰਾ ਸੀ। ਅਲਜ਼ਾਈਮਰ ਨਾਂ ਦੀ ਬੀਮਾਰੀ ਕਾਰਨ 2002 ਵਿੱਚ ਉਸ ਦਾ ਦੇਹਾਂਤ ਹੋ ਗਿਆ ਸੀ। ਖੁਸ਼ਵੰਤ, ਉਸ ਦੇ ਪੁੱਤ ਰਾਹੁਲ ਅਤੇ ਧੀ ਮਾਲਾ ਨੇ ਜਿੰਨੇ ਵਧੀਆ ਢੰਗ ਨਾਲ ਆਖਰੀ ਦਿਨਾਂ ਵਿੱਚ ਕਵਲ ਦੀ ਸਾਂਭ-ਸੰਭਾਲ ਕੀਤੀ, ਉਸ ਦੇ ਜਾਣਕਾਰ ਅੱਜ ਵੀ ਯਾਦ ਕਰਦੇ ਹਨ।
ਜੋ ਵੀ ਖੁਸ਼ਵੰਤ ਨੂੰ ਮਿਲਦਾ ਹੈ ਉਸ ਬਾਰੇ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਦੱਸੇਗਾ। ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ ’ਤੇ ਜਿਊਣ ਵਾਲੇ ਖੁਸ਼ਵੰਤ ਸਿੰਘ ਨੇ ਆਪਣੀ ਰਚਨਾਤਮਕਤਾ ਨੂੰ ਕਦੇ ਮਰਨ ਨਹੀਂ ਦਿੱਤਾ।

 

This article was published in the Punjabi Tribune on October 13, 2012

Leave a Reply

You must be logged in to post a comment.